*ਗੁੱਡ ਸਮਾਰਟੀਅਨ ਸਕੀਮ*

ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲਿਆਂ ਨੂੰ ਮਿਲੇਗਾ ਨਕਦ ਇਨਾਮ ਅਤੇ ਕਾਨੂੰਨੀ ਸੁਰੱਖਿਆ: ਆਰ.ਟੀ.ਓ. ਹਰਕਰਮ ਸਿੰਘ ਰੰਧਾਵਾ

ਕਪੂਰਥਲਾ, 17 ਸਤੰਬਰ: ਆਰ.ਟੀ.ਓ. ਹਰਕਰਮ ਸਿੰਘ ਰੰਧਾਵਾ ਨੇ ਦੱਸਿਆ ਕਿ ਸੜਕ ਹਾਦਸਿਆਂ ਦੇ ਪੀੜਤਾਂ ਦੀ ਤੁਰੰਤ ਮਦਦ ਕਰਨ ਅਤੇ ਵੱਧ ਤੋਂ ਵੱਧ ਜਾਨਾਂ ਬਚਾਉਣ ਲਈ ਭਾਰਤ ਸਰਕਾਰ ਦੇ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ” ਗੁੱਡ ਸਮਾਰਟੀਅਨ” ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦਾ ਮੁੱਖ ਮਕਸਦ ਲੋਕਾਂ ਨੂੰ ਹਾਦਸੇ ਤੋਂ ਬਾਅਦ ਦੇ ਪਹਿਲੇ 60 ਮਿੰਟਾਂ, ਭਾਵ “ਗੋਲਡਨ ਆਵਰ” ਦੌਰਾਨ, ਜ਼ਖ਼ਮੀਆਂ ਨੂੰ ਜਲਦੀ ਹਸਪਤਾਲ ਪਹੁੰਚਾਉਣ ਲਈ ਪ੍ਰੇਰਿਤ ਕਰਨਾ ਹੈ ਤਾਂ ਜੋ ਸਮੇਂ ਸਿਰ ਇਲਾਜ ਯਕੀਨੀ ਬਣਾ ਕੇ ਜਾਨ ਬਚਣ ਦੀ ਸੰਭਾਵਨਾ ਵਧਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਸੜਕ ਹਾਦਸੇ ਦੇ ਪੀੜਤ ਦੀ ਜਾਨ ਬਚਾਉਣ ਵਿੱਚ ਮਦਦ ਕਰਨ ਵਾਲੇ ਕਿਸੇ ਵੀ ਆਮ ਨਾਗਰਿਕ ਨੂੰ, ਜੋ ਹਾਦਸੇ ਦੇ ਸ਼ਿਕਾਰ ਵਿਅਕਤੀ ਨੂੰ ਹਸਪਤਾਲ ਪਹੁੰਚਾਉਂਦਾ ਹੈ, ਐਂਬੂਲੈਂਸ ਜਾਂ ਪੁਲਿਸ ਨੂੰ ਸੂਚਿਤ ਕਰਦਾ ਹੈ, ਜਾਂ ਮੁੱਢਲੀ ਸਹਾਇਤਾ ਪ੍ਰਦਾਨ ਕਰਦਾ ਹੈ, ₹5,000 ਦਾ ਨਕਦ ਇਨਾਮ ਅਤੇ ਪ੍ਰਸ਼ੰਸਾ ਪੱਤਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਨੂੰ ਸਾਲ ਵਿੱਚ ਵੱਧ ਤੋਂ ਵੱਧ 5 ਵਾਰ ਇਹ ਇਨਾਮ ਮਿਲ ਸਕਦਾ ਹੈ, ਅਤੇ ਰਾਸ਼ਟਰੀ ਪੱਧਰ ‘ਤੇ ਹਰ ਸਾਲ ਚੁਣੇ ਗਏ 10 ਸਭ ਤੋਂ ਵਧੀਆ “ਗੁੱਡ ਸਮੈਰੀਟਨਾਂ” ਵਿੱਚੋਂ ਹਰੇਕ ਨੂੰ ₹1 ਲੱਖ ਦਾ ਵਿਸ਼ੇਸ਼ ਇਨਾਮ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਇਸ ਸਕੀਮ ਨੂੰ ਲਾਗੂ ਕੀਤਾ ਗਿਆ ਹੈ, ਜਿਸ ਤਹਿਤ ਯੋਗ ਵਿਅਕਤੀ ਨੂੰ ਲੋੜੀਂਦੀ ਪੁਸ਼ਟੀ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਰਾਹੀਂ ₹5,000 ਦੀ ਰਕਮ ਅਦਾ ਕੀਤੀ ਜਾਂਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਤਹਿਤ ਮਦਦ ਕਰਨ ਵਾਲੇ ਵਿਅਕਤੀਆਂ ਨੂੰ ਪੂਰੀ ਕਾਨੂੰਨੀ ਸੁਰੱਖਿਆ ਵੀ ਪ੍ਰਦਾਨ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਬੇਲੋੜੀ ਪੁਲਿਸ ਪੁੱਛਗਿੱਛ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ, ਅਤੇ ਜੇਕਰ ਉਹ ਨਾ ਚਾਹੁਣ ਤਾਂ ਆਪਣੀ ਪਛਾਣ ਗੁਪਤ ਰੱਖ ਸਕਦੇ ਹਨ।

ਇਸ ਤੋਂ ਇਲਾਵਾ, ਮਦਦਗਾਰ ਨੂੰ ਹਸਪਤਾਲ ਵਿੱਚ ਰੁਕਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ ਅਤੇ ਮਦਦ ਕਰਨ ਕਾਰਨ ਉਸ ਉੱਤੇ ਆਮ ਤੌਰ ‘ਤੇ ਕੋਈ ਸਿਵਲ ਜਾਂ ਫੌਜਦਾਰੀ ਜ਼ਿੰਮੇਵਾਰੀ ਨਹੀਂ ਬਣਦੀ।

ਕਿਸੇ ਵੀ ਤਰ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *